08 July 2010
ਇਟਲੀ ਭੇਜਣ ਦੇ ਨਾਮ ਤੇ ਲੱਖਾਂ ਦੀ ਠੱਗੀ
ਬਠਿੰਡਾ 08 ਜੁਲਾਈ (ਤਾਜੇ ਬਿਊਰੋ) : ਫੂਲ ਪੁਲਿਸ ਨੇ ਪਿਤਾ ਪੁੱਤਰ ਸਮੇਤ 4 ਵਿਅਕਤੀਆਂ ਦੇ ਖਿਲਾਫ ਲੱਖਾਂ ਰੁਪਏ ਦੀ ਠੱਗੀ ਇਟਲੀ ਭੇਜਣ ਦੇ ਨਾ ਤੇ ਕਰਨ ਦੇ ਦੋਸ਼ ਹੇਠ ਡਬਲ ਮਾਮਲਾ ਦਰਜ ਕੀਤਾ ਹੈ । ਫੂਲ ਪੁਲਿਸ ਨੂੰ ਜਗਸੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਫੁਲੇਵਾਲਾ ਥਾਣਾ ਫੂਲ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਗੁਰਦਿੱਤ ਸਿੰਘ ਦੇ ਲੜਕੇ ਹਰਦੀਪ ਸਿੰਘ ਅਤੇ ਜਗਦੀਪ ਸਿੰਘ ਵਾਸੀ ਘੰਡਾਬੰਨਾ ਇਟਲੀ ਰਹਿੰਦੇ ਹਨ ਜਿਨ੍ਹਾਂ ਕਰਕੇ ਸੁਖਦੇਵ ਸਿੰਘ ਅਤੇ ਕੇਵਲ ਸਿੰਘ ਪੁੱਤਰ ਮਹਿੰਦਰ ਸਿੰਘ ਵੀ ਕਰੀਬ 5 ਮਹੀਨੇ ਇਟਲੀ ਰਹਿਕੇ ਆਏ ਸਨ ਜਿਨ੍ਹਾਂ ਨੇ ਉਸ ਦੇ ਭਰਾ ਮੱਖਣ ਸਿੰਘ ਨੂੰ ਇਟਲੀ ਭੇਜਣ ਅਤੇ ਉੱਥੇ ਨੌਕਰੀ ਦਿਵਾਉਣ ਦਾਝਾਂਸਾ ਦਿੱਤਾ ਜਿਸ ਕਾਰਨ ਉਨ੍ਹਾਂ ਨੇ 2008 ਦੇ ਆਖੀਰ ਵਿੱਚ 2 ਲੱਖ ਰੁਪਏ ਪਾਸਪੋਰਟ ਅਤੇ 8 ਲੱਖ ਰੁਪਏ ਵੀਜਾ ਦੇ ਦਿੱਤੇ ਸਨ, ਉੱਥੇ ਹੀ ਉਕਤ ਵਿਅਕਤੀਆਂ ਨੇ ਸਾਜਬਾਜ ਕਰਕੇ ਮੱਖਣ ਸਿੰਘ ਨੂੰ ਇਟਲੀ ਭੇਜ ਦਿੱਤਾ ਪਰ ਉਸ ਨੂੰ ਨੌਕਰੀ ਨਹੀ ਲਗਵਾਇਆ ਅਤੇ ਪੱਕੀ ਨੌਕਰੀ ਦਿਵਾਉਣ ਦੇ ਬਹਾਨੇ ਉਸ ਤੋਂ 2.25 ਲੱਖ ਰੁਪਏ ਦੀ ਮੰਗ ਕੀਤੀ ਪਰ ਉਸ ਨੂੰ ਸ਼ੱਕ ਪੈ ਗਿਆ ਅਤੇ ਉਸ ਨੇ ਇਹ ਰਕਮ ਇਨ੍ਹਾਂ ਵਿਅਕਤੀਆਂ ਨੂੰ ਨਹੀ ਦਿੱਤੀ। ਉੱਥੇ ਹੀ ਇਨ੍ਹਾਂ ਵਿਅਕਤੀਆਂ ਨੇ ਕਰੀਬ 14 ਮਹੀਨੇ ਬਾਅਦ ਫਰਵਰੀ,2010 ਵਿੱਚ ਮੱਖਣ ਸਿੰਘ ਨੂੰ ਵਾਪਸ ਭੇਜ ਦਿੱਤਾ ਅਤੇ ਹੁਣ ਇਹ ਵਿਅਕਤੀ ਉਨ੍ਹਾਂ ਦੇ 10 ਲੱਖ ਰੁਪਏ ਦੇਣ ਤੋਂ ਇਨਕਾਰ ਕਰ ਰਹੇ ਹਨ ਜਿਹੜੀ ਉਨ੍ਹਾਂ ਨੇ ਠੱਗੀ ਮਾਰ ਲਈ । ਇਸੇ ਤਰ੍ਹਾਂ ਫੁਲੇਵਾਲਾ ਵਾਸੀ ਕਰਮ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਵੀ ਫੂਲ ਪੁਲਿਸ ਨੂੰ ਉਕਤ ਵਿਅਕਤੀਆਂ ਖਿਲਾਫ ਉਸ ਦੇ ਲੜਕੇ ਚਮਕੋਰ ਸਿੰਘ ਨੂੰ ਇਸੇ ਤਰ੍ਹਾਂ ਹੀ ਇਟਲੀ ਲਿਜਾਕੇ 12.25 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ । ਪੁਲਿਸ ਨੇ ਇਨ੍ਹਾਂ ਕਥਿਤ ਦੋਸ਼ੀਆਂ ਖਿਲਾਫ ਆਈ ਪੀ ਸੀ ਦੀ ਧਾਰਾ 420, 34 ਦੇ ਤਹਿਤ ਇੱਕਠੇ ਦੋ ਮਾਮਲੇ ਦਰਜ ਕੀਤੇ ਹਨ । ਜਿਸ ਦੀ ਜਾਂਚ ਇਨਸਪੈਕਟਰ ਬਰਜਿੰਦਰ ਕੁਮਾਰ ਕਰ ਰਹੇ ਹਨ ।
